Archive for August, 2010

ਜਸਵੰਤ ਸਿੰਘ ਜ਼ਫਰ ਦੀ ਘੁਰਕੀ ਤੇ ਬੁਰਕੀ

ਜਸਦੀਪ ਦੇ ਬਲੌਗ ਉੱਤੇ ਜਸਵੰਤ ਸਿੰਘ ਜ਼ਫਰ ਦੀ ਕਵਿਤਾ ਬੁਰਕੀ ਪੜ੍ਹੀ। ਕਵਿਤਾ ਬਹੁਤ ਵਜ਼ਨਦਾਰ ਹੈ। ਹਾਲਾਕਿ ਸਿਰਲੇਖ ਦਾ ਅਨੁਵਾਦ breadcrumbs ਕੀਤਾ ਗਿਆ ਹੈ ਪਰ ਇਹ ਢੁਕਵਾਂ ਨਹੀਂ ਹੈ। ਮੂਲ ਅੰਗਰੇਜ਼ੀ ਬੋਲਣ ਵਾਲੇ ਅਜਿਹੇ ਹਾਲਾਤ ਲਈ crumbs ਤਾਂ ਵਰਤ ਸਕਦੇ ਹਨ ਪਰ breadcrumbs ਕਦੀ ਵੀ ਨਹੀਂ। ਪਰ crumbs ਤਾਂ ਰਹਿੰਦ ਖੂਹੰਦ ਹੁੰਦੀ ਹੈ ਜਿਸ ਵਿੱਚ ਬਗਾਨੇ ਪੁੱਤ ਨਹੀਂ ਫਸਦੇ।

ਕਵਿਤਾ ਬਾਰੇ ਗੱਲ ਕਰਣ ਤੋਂ ਪਹਿਲਾਂ ਇਸ ਨੂੰ ਜ਼ਰਾ ਪੜ੍ਹ ਲਈਏ:

ਬੁਰਕੀ

ਸਿਆਣੇ ਦੀ ਤਾਕਤ ਆਖਦੀ ਹੈ
ਨਹੀਂ ਸੱਚ
ਤਕੜੇ ਦੀ ਸਿਆਣਪ ਆਖਦੀ ਹੈ
ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ
ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ
ਸ਼ਮਸ਼ੀਰ ਦੀ
ਲੋੜ ਨਹੀਂ ਹੁੰਦੀ
ਬੱਸ ਘੁਰਕੀ ਚਾਹੀਦੀ ਹੈ
ਗੱਲ ਨਾ ਬਣੇ
ਤਾਂ ਬੁਰਕੀ ਚਾਹੀਦੀ ਹੈ

ਬੁਰਕੀ ਨਾਲ
ਉੱਠੇ ਹੋਏ ਹੱਥ ਹਿੱਲਦੀ ਪੂਛ ਬਣ ਜਾਂਦੇ ਹਨ
ਬੁਰਕੀ ਨਾਲ
ਦੁਸ਼ਮਣ ਅੰਦਰੋਂ ਦੁਸ਼ਮਣੀ ਤਾਂ ਕੀ
ਹੋਰ ਵੀ ਬੜਾ ਕੁਝ ਮਾਰ ਜਾਂਦਾ ਹੈ

ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਤਕੜੇ ਦੀ ਸਿਆਣਪ ਆਖਦੀ ਹੈ

=0=

ਗੱਲ ਸੋਚਣ ਵਾਲੀ ਇਹ ਹੈ ਕਿ ਦੁਨੀਆਂ ਵਿੱਚ ਕਿੱਧਰੇ ਕੀ ਇਸ ਗੱਲ ਦੀ ਮਿਸਾਲ ਮਿਲਦੀ ਹੈ ਕਿ ਦੁਸ਼ਮਣ ਘੁਰਕੀ ਨਾਲ ਨਾ ਸਹੀ, ਬੁਰਕੀ ਨਾਲ ਮਾਰਿਆ ਗਿਆ ਹੋਵੇ। ਬਿਲਕੁਲ ਨਹੀਂ।

ਪਰ ਹਾਂ, ਇਸ ਦੀ ਮਿਸਾਲ ਭਾਰਤੀ ਪੰਜਾਬ ਵਿੱਚ ਜ਼ਰੂਰ ਮਿਲਦੀ ਹੈ ਜਿੱਥੇ 1978 ਤੋਂ ਬਾਅਦ ਸਿੱਖਾਂ ਨੂੰ ਘੁਰਕੀ ਅਤੇ ਬੁਰਕੀ ਦੋਹਾਂ ਨਾਲ ਮਾਰਿਆ ਗਿਆ ਹੈ। ਇਹ ਬੁਰਕੀ ਇਸ ਗੱਲ ਦੀ ਗਵਾਹ ਹੈ ਕਿ ਵਿਕੀਆਂ ਹੋਈਆਂ ਕੌਮਾਂ ਕਿਵੇਂ ਪਿਉ, ਪੁੱਤ ਤੇ ਭਰਾ ਮਰਵਾ ਕੇ ਖਖੜੀ-ਖਖੜੀ ਹੋ ਜਾਂਦੀਆਂ ਹਨ। ਅਜਿਹੇ ਟੁੱਕੜਬੋਚਾਂ ਲਈ ਅੰਗਰੇਜ਼ੀ  ਵਿੱਚ ਇਹ ਬੁਰਕੀ bait ਹੈ।

 



Follow

Get every new post delivered to your Inbox.