Posted in ਚਰਚਾ, ਸਭਿਆਚਾਰ

ਚਮਕੀਲੇ ਤੇ ਚਰਚਾ

ਬੀਤੇ ਕੱਲ ਮੈਨੂੰ ਅਖੀਰ ਮੌਕਾ ਲੱਗ ਹੀ ਗਿਆ ਚਮਕੀਲਾ ਫਿਲਮ ਵੇਖਣ ਦਾ। ਫਿਲਮ ਵੇਖ ਕੇ ਇਹ ਮਹਿਸੂਸ ਕੀਤਾ ਕਿ ਇਮਤਿਆਜ਼ ਅਲੀ ਨੇ ਇਹ ਫਿਲਮ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਬਣਾਈ ਹੈ। ਇਹ ਫਿਲਮ ਤੁਹਾਨੂੰ ਅਖੀਰ ਤਕ ਕੀਲ ਕੇ ਬੰਨ੍ਹੀ ਰੱਖਦੀ ਹੈ। 

ਦੂਜੇ ਪਾਸੇ, ਮੇਰੇ ਸਾਹਮਣੇ ਉਹ ਬੇਅੰਤ ਟਿੱਪਣੀਆਂ ਆ ਗਈਆਂ ਜਿਹੜੀਆਂ ਮੈਂ ਹਰ ਰੋਜ਼ ਫੇਸਬੁੱਕ-ਵ੍ਹਟਸਐਪ ਤੇ ਪੜ੍ਹਦਾ ਰਹਿੰਦਾ ਹਾਂ। ਲੱਗਦਾ ਹੈ ਕਿ ਸਾਰੀ ਲੁਕਾਈ ਇਸ ਗੱਲ ਤੇ ਉਲਝੀ ਹੋਈ ਹੈ ਕਿ ਕੀ ਗਾਣੇ ਲੱਚਰ ਸੀ ਜਾਂ ਸੱਭਿਆਚਾਰਕ ਸੀ ਜਾਂ ਪੰਜਾਬ ਦਾ ਸੱਭਿਆਚਾਰ ਕੀ ਸੀ ਤੇ ਜਾਤੀਵਾਦ ਬਾਰੇ ਕਈ ਬੇਲੋੜੀਆਂ ਟਿੱਪਣੀਆਂ। 

ਮੇਰੀ ਨਿੱਜੀ ਸੋਚ ਮੁਤਾਬਕ ਫਿਲਮ ਇਸ ਪੱਧਰ ਤੇ ਨਹੀਂ ਪਰਖੀ ਜਾਣੀ ਚਾਹੀਦੀ। ਇਹ ਬਹੁਤ ਹੇਠਲੇ ਪੱਧਰ ਤੇ ਸਿੰਗ ਫਸਾਉਣ ਵਾਲ਼ੀ ਗੱਲ ਹੈ। ਫਿਲਮ ਨੂੰ ਸਮੁੱਚੇ ਰੂਪ ਦੇ ਵਿੱਚ ਵੇਖਣਾ ਚਾਹੀਦਾ ਹੈ। ਪਹਿਲਾਂ ਗੱਲ ਕਰਦੇ ਹਾਂ ਸੱਭਿਆਚਾਰ ਦੀ। ਜਿਸ ਜ਼ਮਾਨੇ ਦੀ ਇਹ ਫਿਲਮ ਗੱਲ ਕਰਦੀ ਹੈ ਉਸ ਜ਼ਮਾਨੇ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਏਗਾ ਕਿ ਮੋਬਾਈਲ ਫੋਨ ਤੇ ਸਮਾਜਿਕ ਮਾਧਿਅਮ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਇਸ ਤਰ੍ਹਾਂ ਦੇ ਗਾਇਕੀ ਅਖਾੜੇ ਇੱਕ ਵੱਡੇ ਰੂਪ ਵਿੱਚ ਲੋਕਾਂ ਦਾ ਮਨੋਰੰਜਨ ਸੀ। ਉਸ ਜ਼ਮਾਨੇ ਵਿੱਚ ਸੋਚੋ ਤੁਹਾਨੂੰ ਵੀ.ਸੀ.ਆਰ ਤੇ ਕਾਮੁਕ ਫਿਲਮਾਂ ਵੇਖਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਸੀ। ਅੱਜ ਮੋਬਾਈਲ ਫੋਨ ਨੇ ਇਹ ਸਭ ਕੁਝ ਬਹੁਤ ਸੌਖਾ ਕਰ ਦਿੱਤਾ ਹੈ।

ਜੇ ਤੁਸੀਂ ਲੋਕਾਂ ਦੇ ਮਨੋਰੰਜਨ ਨੂੰ ਭੰਡਦੇ ਹੋ ਤਾਂ ਤੁਸੀਂ ਲੋਕ ਸਭਿਆਚਾਰ ਨੂੰ ਪਿੱਠ ਦੇਈ ਖਲੋਤੇ ਹੋ। ਭਾਵੇਂ ਇਹ ਗੱਲ ਤੁਹਾਡੇ ਗਲੇ ਥਾਣੀ ਲੰਘੇ ਜਾਂ ਨਾ ਲੰਘੇ ਇਹ ਕੌੜਾ ਸੱਚ ਹੈ ਕਿ ਇਹ ਆਮ ਲੋਕਾਂ ਦਾ ਸੱਭਿਆਚਾਰ ਹੀ ਸੀ ਜੋ ਅਮਰ ਸਿੰਘ ਚਮਕੀਲਾ ਗਾ ਰਿਹਾ ਸੀ ਅਤੇ ਦਾਦ ਦੇਣੀ ਪੈਂਦੀ ਹੈ ਇਮਤਿਆਜ਼ ਅਲੀ ਨੂੰ ਕਿਉਂਕਿ ਉਸਨੇ ਇਸ ਬਾਰੇ ਭੂਮਿਕਾ ਫਿਲਮ ਦੇ ਸ਼ੁਰੂ ਦੇ ਵਿੱਚ ਹੀ ਬੰਨ੍ਹ ਦਿੱਤੀ ਸੀ।  ਪਰ ਫਿਰ ਵੀ ਇਸਦੇ ਬਾਵਜੂਦ ਜੇ ਲੋਕੀ ਉਸ ਹੇਠਲੇ ਪੱਧਰ ਤੇ ਟਿੱਪਣੀਆਂ ਅਤੇ ਚਰਚਾ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਸਮਝ ਹੀ ਨਹੀਂ ਕਿ ਫਿਲਮ ਦੀ ਕਲਾਤਮਕ ਪੜਚੋਲ ਕਿਵੇਂ ਕਰਨੀ ਹੈ?

ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਕਾਤਲ ਹਾਲੇ ਤੱਕ ਵੀ ਨਹੀਂ ਲੱਭੇ ਗਏ ਤੇ ਫ਼ਾਈਲ ਬੰਦ ਪਈ ਹੈ। ਹੈਰਾਨੀ ਹੁੰਦੀ ਹੈ ਕਿ ਫੇਸਬੁੱਕ ਦੇ ਉੱਤੇ ਕਈ ਨਵੇਂ ਲੋਕ ਜੰਮ ਪਏ ਹਨ ਜੋ ਚਮਕੀਲੇ ਬਾਰੇ ਨਵੀਆਂ-ਨਵੀਆਂ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜੇ ਵਾਕਿਆ ਹੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੈ ਤਾਂ ਕਿਉਂ ਨਹੀਂ ਉਹ ਲਿਖਤੀ ਤੌਰ ਤੇ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਕਤਲ ਦੀ ਬੰਦ ਪਈ ਫ਼ਾਈਲ ਮੁੜ ਖੁੱਲ ਸਕੇ ਅਤੇ ਇਸ ਕਤਲ ਦੀ ਗੁੱਥੀ ਸੁਲਝੇ। 

ਇਥੇ ਮੈਂ ਇੱਕ ਹੋਰ ਨਿਵੇਕਲਾ ਪੱਖ ਸਾਂਝਾ ਕਰਨਾ ਚਾਹੁੰਦਾ ਹਾਂ। ਇਕੱਲੇ ਪੰਜਾਬ ਵਿੱਚ ਹੀ ਨਹੀਂ, ਦੁਨੀਆਂ ਦੇ ਕਈ ਖੇਤਰਾਂ ਦੇ ਵਿੱਚ ਕਈ ਉੱਘੇ ਗਾਇਕ 26-28 ਸਾਲ ਦੀ ਉਮਰ ਦੇ ਵਿੱਚ ਮਾਰੇ ਗਏ ਜਾਂ ਮਰ ਗਏ। ਇਹਨਾਂ ਵਿੱਚੋਂ ਪ੍ਰਮੁੱਖ ਨਾਂ ਇਹ ਹਨ: ਜਿੰਮੀ ਹੈਂਡਰਿਕਸ, ਜੈਨਿਸ ਜੌਪਲਿਨ, ਟੁਪੈਕ ਅਮਰੂ ਸ਼ਾਕੁਰ, ਜਿੰਮ ਮੌਰੀਸਨ, ਕਰਟ ਕੋਬੇਨ ਅਤੇ ਏਮੀ ਵਾਈਨਹਾਊਸ। ਇਸ ਨੂੰ ‘27 ਕਲੱਬ’ ਵੀ ਕਹਿੰਦੇ ਹਨ। ਇਸ ਸੂਚੀ ਵਿੱਚ ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। 

ਤੁਹਾਡਾ ਕੀ ਖਿਆਲ ਹੈ?

Processing…
Success! You're on the list.
Posted in ਚਰਚਾ, ਵਿਚਾਰ

ਬਣਾਉਟੀ ਬੁੱਧੀ ਦੀ ਸਿੱਧੀ

ਬੀਤੇ ਕਈ ਮਹੀਨਿਆਂ ਤੋਂ ਆਰਟੀਫਿਸ਼ਅਲ ਇੰਟੈਲੀਜੈਂਸ ਆਮ ਹੀ ਚਰਚਾ ਦੇ ਵਿੱਚ ਹੈ। ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਅਸੀਂ ਪੰਜਾਬੀ ਦੇ ਵਿੱਚ ਬਣਾਉਟੀ ਬੁੱਧੀ ਵੀ ਕਹਿ ਸਕਦੇ ਹਾਂ ਤੇ ਸੰਖੇਪ ਵਿੱਚ ਦੋਵੇਂ ਬੱਬੇ ਲੈ ਕੇ – ਬੱਬ। ਬਣਾਉਟੀ ਬੁੱਧੀ ਦੀ ਵਰਤੋਂ ਕਰਦਿਆਂ ਮੈਨੂੰ ਕਈ ਤਰ੍ਹਾਂ ਦੇ ਪੱਖਪਾਤ ਨਜ਼ਰ ਆਏ। ਜੇਕਰ ਮੈਂ ਇਸ ਨੂੰ ਪੁੱਛਦਾ ਸੀ ਕਿ ਅਜਿਹਾ ਕਿਉਂ ਤਾਂ ਇੱਕੋ ਇੱਕ ਸਪਸ਼ਟੀਕਰਨ ਹੁੰਦਾ ਸੀ ਕਿ ਸਿਖਲਾਈ ਦੀ ਘਾਟ।

ਆਮ ਸ਼ਾਬਦਿਕ ਖੋਜਾਂ ਦੇ ਵਿੱਚ ਤਾਂ ਕੋਈ ਚੀਜ਼ ਇੰਨੀ ਪ੍ਰਤੱਖ ਨਹੀਂ ਹੁੰਦੀ ਸੀ ਪਰ ਇਹ ਪੱਖਪਾਤ ਮੈਨੂੰ ਇਹਦਾ ਜਿਹੜਾ ਡਾਲੀ ਪ੍ਰੋਗਰਾਮ ਹੈ ਉਹ ਦੀਆਂ ਤਸਵੀਰਾਂ ਬਣਾਉਣ ਦੇ ਵਿੱਚ ਬਹੁਤ ਨਜ਼ਰ ਆਇਆ। ਜਿਸ ਦੀ ਕਿ ਇੱਕ ਮਿਸਾਲ ਮੈਂ ਤੁਹਾਨੂੰ ਹੇਠਾਂ ਦੇ ਰਿਹਾ ਹਾਂ।

ਇਹ ਵੇਖ ਕੇ ਤੁਸੀਂ ਆਪ ਹੀ ਫੈਸਲਾ ਲੈ ਲਓ ਕਿ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਅਤੇ ਕੀ ਇਹਦੇ ਵਿੱਚ ਸਾਡਾ ਵੀ ਕੋਈ ਯੋਗਦਾਨ ਬਣਦਾ ਹੈ ਕਿ ਅਸੀਂ ਮਿਹਨਤ ਕਰੀਏ ਤੇ ਇਹਨੂੰ ਸਿਖਲਾਈ ਦੇਈਏ?

Attribution: All the images below were generated using AI, specifically OpenAI’s DALL·E.

ਸਭ ਤੋਂ ਪਹਿਲਾਂ ਮੈਂ ਇਹ ਲਿਖਿਆ ਕਿ ਇੱਕ ਸਿਖ ਪਰਿਵਾਰ ਦੀ ਤਸਵੀਰ ਬਣਾਓ ਜਿਸ ਵਿੱਚ ਸਾਰੇ ਬੈਠਕ ਵਿੱਚ ਬੈਠੇ ਹੋਏ ਹਨ ਤੇ ਆਪੋ ਆਪਣੇ ਮੋਬਾਈਲ ਤੇ ਰੁੱਝੇ ਹੋਏ ਹਨ। ਪਿਛੋਕੜ ਵਿੱਚ ਦਰਬਾਰ ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ।

ਮੈਂ ਇਸ ਨੂੰ ਦੁਬਾਰਾ ਕੋਸ਼ਿਸ਼ ਕਰਨ ਲਈ ਕਿਹਾ ਕਿ ਘਰਵਾਲਾ ਘਰਵਾਲੀ 30ਵਿਆਂ ਵਿੱਚ ਹੋਣ ਤੇ 9 ਸਾਲ ਦਾ ਮੁੰਡਾ ਹੋਵੇ ਤੇ 7 ਸਾਲ ਦੀ ਕੁੜੀ।

ਮੈਂ ਇਸ ਨੂੰ ਕਿਹਾ ਕਿ ਦੁਬਾਰਾ ਕੋਸ਼ਿਸ਼ ਕਰ, ਮੁੰਡੇ ਦੇ ਸਿਰ ਤੇ ਜੂੜਾ ਹੋਣਾ ਚਾਹੀਦਾ ਹੈ ਤੇ ਪਟਕਾ ਬੰਨ੍ਹਿਆ ਹੋਣਾ ਚਾਹੀਦਾ ਹੈ। 

ਮੈਂ ਇਸ ਨੂੰ ਕਿਹਾ ਕਿ ਦੁਬਾਰਾ ਕੋਸ਼ਿਸ਼ ਕਰ, ਮੁੰਡਾ ਸੋਫੇ ਤੇ ਹੋਣਾ ਚਾਹੀਦਾ ਹੈ ਤੇ ਦਾੜ੍ਹੀ ਕਿਉਂ? ਮੁੰਡੇ ਦੀ ਦਾੜ੍ਹੀ ਹਟਾਓ। 

 ਮੈਂ ਇਸ ਨੂੰ ਕਿਹਾ ਕਿ ਦੁਬਾਰਾ ਕੋਸ਼ਿਸ਼ ਕਰ, ਸੋਫੇ ਵਾਲ ਮੁੰਡਾ ਹਟਾ ਦੇ ਬਾਕੀ ਸਭ ਠੀਕ ਹੀ ਲੱਗਦਾ ਹੈ।

ਬਣਾਉਟੀ ਬੁੱਧੀ ਨੇ ਸਾਰਾ ਕੁਝ ਉਲਟ-ਪੁਲਟ ਕਰ ਦਿੱਤਾ। ਮੈਂ ਇਸ ਨੂੰ ਕਿਹਾ ਕਿ ਨਵੇਂ ਸਿਰਿਓਂ ਦੁਬਾਰਾ ਕੋਸ਼ਿਸ਼ ਕਰ, ਕਿ ਘਰਵਾਲਾ ਘਰਵਾਲੀ 30ਵਿਆਂ ਵਿੱਚ ਹੋਣ ਤੇ 9 ਸਾਲ ਦਾ ਮੁੰਡਾ ਹੋਵੇ ਤੇ 7 ਸਾਲ ਦੀ ਕੁੜੀ। ਪਿਛੋਕੜ ਵਿੱਚ ਦਰਬਾਰ ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ।

ਮੈਂ ਫਿਰ ਦੁਹਰਾਇਆ ਕਿ ਮੁੰਡੇ ਦੇ ਸਿਰ ਤੇ ਜੂੜਾ ਹੋਣਾ ਚਾਹੀਦਾ ਹੈ ਤੇ ਪਟਕਾ ਬੰਨ੍ਹਿਆ ਹੋਣਾ ਚਾਹੀਦਾ ਹੈ। 

ਉਪਰੋਕਤ ਤਸਵੀਰ ਵੇਖ ਕੇ ਮੈਂ ਕਾਫ਼ੀ ਦੇ ਮਗ਼ਜ਼-ਪੱਚੀ ਕਰਦਾ ਰਿਹਾ। ਚੰਦਾ ਭਰਿਆ ਵਾਲਾ ਗਾਹਕ ਹੋਣ ਕਰਕੇ ਮੈਂ ਇਸ ਨੂੰ ਲਗਾਤਾਰ ਬਿਨਾ ਕਿਸੇ ਰੋਕ ਦੇ ਨਿਰਦੇਸ਼ ਦੇ ਸਕ ਰਿਹਾ ਸੀ। ਵਿਚਕਾਰਲੀਆਂ ਹੋਰ ਤਸਵੀਰਾਂ ਤਾਂ ਮੈਂ ਇੱਥੇ ਸਾਂਝੀਆਂ ਨਹੀਂ ਕਰ ਰਿਹਾ ਪਰ ਅੱਧੇ ਕੁ ਘੰਟੇ ਬਾਅਦ ਜਿਹੜੀ ਤਸਵੀਰ ਇਸ ਨੇ ਬਣਾਈ ਉਹ ਹੇਠਾਂ ਵੇਖ ਲਓ। ਰਾਤ ਬਹੁਤ ਹੋ ਚੁੱਕੀ ਸੀ ਤੇ ਮੇਰਾ ਵੀ ਸੌਣ ਦਾ ਵੇਲ਼ਾ ਹੋ ਰਿਹਾ ਸੀ। ਮੈਂ ਸੋਚਿਆ ਕਿ ਕੁਝ ਹਫ਼ਤੇ ਠਹਿਰ ਕੇ ਫੇਰ ਕੋਸ਼ਿਸ਼ ਕਰਾਂਗਾ

ਤੁਹਾਡਾ ਕੀ ਵਿਚਾਰ ਹੈ?

Posted in ਕਿਤਾਬਾਂ, ਯਾਤਰਾ, ਵਿਚਾਰ

ਪੰਜਾਬੀ ਪ੍ਰਕਾਸ਼ਨ ਦਾ ਸਾਖਿਆਤ ਦਿਲ: ਆੱਟਮ ਆਰਟ

ਆਪਣੀ ਸ਼ਾਹੀ ਵਿਰਾਸਤ ਅਤੇ ਸੱਭਿਆਚਾਰਕ ਥੱਰਾਹਟ ਲਈ ਜਾਣੇ ਜਾਂਦੇ ਸ਼ਹਿਰ ਪਟਿਆਲਾ ਵਿੱਚ ਇੱਕ ਲੁਕਿਆ ਹੋਇਆ ਰਤਨ ਹੈ ਜੋ ਪੰਜਾਬੀ ਸਾਹਿਤਕ ਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ – ਆੱਟਮ ਆਰਟ। ਮਹਿਲਾ ਉੱਦਮੀ ਪ੍ਰੀਤੀ ਸ਼ੈਲੀ ਅਤੇ ਉਸ ਦੇ ਜੀਵਨ ਸਾਥੀ ਸਤਪਾਲ ਦੁਆਰਾ ਚਲਾਇਆ ਜਾ ਰਿਹਾ ਇਹ ਬੁਟੀਕ ਪ੍ਰਕਾਸ਼ਨ ਘਰ ਪੰਜਾਬੀ ਭਾਸ਼ਾ ਦੇ ਪ੍ਰਕਾਸ਼ਕਾਂ ਦੇ ਖੇਤਰ ਵਿੱਚ ਵੱਖਰਾ ਮੁਕ਼ਾਮ ਹੈ। ਆਪਣੇ ਸਮਕਾਲੀ ਪ੍ਰਕਾਸ਼ਕਾਂ ਦੇ ਉਲਟ, ਆੱਟਮ ਆਰਟ ਦਰਸ਼ਨ ਅਤੇ ਬੌਧਿਕ ਵਿਚਾਰਾਂ ਦੇ ਖੇਤਰਾਂ ਵਿੱਚ ਡੂੰਘਾ ਉਤਰਦਾ ਹੈ ਅਤੇ ਪਾਠਕਾਂ ਨੂੰ ਇੱਕ ਵਿਲੱਖਣ ਅਤੇ ਅਮੀਰ ਅਹਿਸਾਸ ਪ੍ਰਦਾਨ ਕਰਦਾ ਹੈ।

ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਇੱਕ ਫੇਰੀ ਦੌਰਾਨ, ਮੈਨੂੰ ਅਤੇ ਮੇਰੀ ਪਤਨੀ ਨੂੰ ਆੱਟਮ ਆਰਟ ਦੀ ਦੁਨੀਆਂ ਵਿੱਚ ਕਦਮ ਰੱਖਣ ਦੀ ਖੁਸ਼ੀ ਮਿਲੀ। ਆੱਟਮ ਆਰਟ ਦੀਆਂ ਬਰੂਹਾਂ ਟੱਪਦਿਆਂ ਹੀ, ਤੁਹਾਨੂੰ ਇੱਕ ਅਜਿਹੇ ਵਾਤਾਵਰਣ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਹਰ ਕਿਤਾਬ ਬੌਧਿਕਤਾ ਅਤੇ ਆਤਮ-ਨਿਰੀਖਣ ਦੀਆਂ ਕਹਾਣੀਆਂ ਸੁਣਾਉਂਦੀ ਜਾਪਦੀ ਹੈ। ਇਹ ਤੁਹਾਡੀ ਆਮ ਕਿਤਾਬਾਂ ਦੀ ਦੁਕਾਨ ਨਹੀਂ ਹੈ; ਇਹ ਚਿੰਤਕਾਂ, ਸੁਫ਼ਨੇ ਵੇਖਣ ਵਾਲਿਆਂ ਅਤੇ ਭਾਲਣ ਵਾਲਿਆਂ ਲਈ ਇੱਕ ਪਨਾਹਗਾਹ ਹੈ। ਪ੍ਰੀਤੀ ਸ਼ੈਲੀ ਨੇ ਦਾਰਸ਼ਨਿਕ ਸਾਹਿਤ ਪ੍ਰਤੀ ਆਪਣੇ ਜਨੂੰਨ ਦੇ ਬਲਬੂਤੇ, ਬੜੇ ਧਿਆਨ ਨਾਲ ਇਕ ਸੰਗ੍ਰਹਿ ਤਿਆਰ ਕੀਤਾ ਹੈ ਜੋ ਮਨ ਨੂੰ ਲਲਕਾਰਦਾ ਹੈ ਅਤੇ ਆਤਮਾ ਨੂੰ ਸ਼ਾਂਤ ਕਰਦਾ ਹੈ। ਇਸ ਉੱਦਮ ਵਿੱਚ ਸਤਪਾਲ ਦਾ ਸਮਰਥਨ ਸਪੱਸ਼ਟ ਹੈ, ਜੋ ਆੱਟਮ ਆਰਟ ਨੂੰ ਸਾਂਝੇਦਾਰੀ ਦਾ ਸੰਪੂਰਨ ਰੂਪ ਬਣਾਉਂਦਾ ਹੈ।

ਖੱਬਿਓਂ ਸੱਜੇ – ਸਤਪਾਲ, ਪ੍ਰੀਤੀ, ਅਮਰਜੀਤ ਅਤੇ ਗੁਰਤੇਜ

ਇੱਥੇ ਕਿਤਾਬਾਂ ਖਰੀਦਣ ਦਾ ਤਜਰਬਾ ਕਵਿਤਾ ਦੇ ਵਹਿਣ ਤੋਂ ਘੱਟ ਨਹੀਂ ਹੈ। ਕਿਤਾਬਾਂ ਦਾ ਹਰੇਕ ਅਲਮਾਰੀ ਖ਼ਾਨਾ ਇੱਕ ਖਜ਼ਾਨਾ ਹੈ, ਜੋ ਵਿਚਾਰਾਂ ਨੂੰ ਉਕਸਾਉਣ ਅਤੇ ਬੌਧਿਕਤਾ ਨੂੰ ਉਤਸ਼ਾਹਤ ਕਰਨ ਵਾਲੀਆਂ ਰਚਨਾਵਾਂ ਨਾਲ ਭਰਿਆ ਹੋਇਆ ਹੈ। ਸਮਕਾਲੀ ਬੌਧਿਕ ਬਿਰਤਾਂਤਾਂ ਅਤੇ ਸਿਰਮੌਰ ਸਾਹਿਤ ਦਾ ਪੰਜਾਬੀ ਅਨੁਵਾਦ ਚਮਕਾਂ ਮਾਰ ਰਹੇ ਜਾਪਦੇ ਹਨ। ਇਹ ਮੁਲਾਕਾਤ ਸਿਰਫ ਇੱਕ ਖਰੀਦਦਾਰੀ ਮੁਹਿੰਮ ਹੀ ਨਹੀਂ ਸੀ; ਇਹ ਪੰਜਾਬੀ ਬੌਧਿਕ ਵਿਚਾਰਧਾਰਾ ਦੇ ਗਿਆਨਵਾਨ ਅਤੇ ਭਾਵੁਕ ਆੱਟਮ ਆਰਟ ਦੇ ਉੱਦਮੀਆਂ ਵੱਲੋਂ ਸਿਰਜੀ ਇੱਕ ਨਿਵੇਕਲੀ ਦੁਨੀਆਂ ਦੀ ਗਿਆਨਭਰਪੂਰ ਯਾਤਰਾ ਸੀ।

ਆੱਟਮ ਆਰਟ ਸਿਰਫ ਇੱਕ ਕਿਤਾਬਾਂ ਦੀ ਦੁਕਾਨ ਜਾਂ ਇੱਕ ਪ੍ਰਕਾਸ਼ਨ ਘਰ ਨਹੀਂ ਹੈ; ਇਹ ਬੌਧਿਕ ਤੌਰ ‘ਤੇ ਉਤਸੁਕ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਉੱਦਮਤਾ ਵਿੱਚ ਔਰਤਾਂ ਦੀ ਤਾਕਤ ਦਾ ਸਬੂਤ ਹੈ। ਪ੍ਰੀਤੀ ਸ਼ੈਲੀ ਦੇ ਦ੍ਰਿਸ਼ਟੀਕੋਣ ਅਤੇ ਸਤਪਾਲ ਦੇ ਸਮਰਥਨ ਨੇ ਇੱਕ ਅਜਿਹੀ ਜਗ੍ਹਾ ਬਣਾਈ ਹੈ ਜੋ ਵਪਾਰ ਤੋਂ ਪਰ੍ਹੇ ਰਹਿ ਕੇ ਪਾਠਕਾਂ ਅਤੇ ਚਿੰਤਕਾਂ ਦੇ ਭਾਈਚਾਰੇ ਨੂੰ ਉਤਸ਼ਾਹਤ ਕਰਦੀ ਹੈ। ਜਿਵੇਂ ਹੀ ਅਸੀਂ ਆੱਟਮ ਆਰਟ ਤੋਂ ਕਿਤਾਬਾਂ ਸਹਿਤ ਵਾਪਸੀ ਕੀਤੀ ਤਾਂ ਇਹ ਸਪੱਸ਼ਟ ਸੀ ਕਿ ਆੱਟਮ ਆਰਟ ਪੰਜਾਬ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ – ਇੱਕ ਅਜਿਹੀ ਜਗ੍ਹਾ ਜਿੱਥੇ ਲਿਖਤੀ ਸ਼ਬਦ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਜਸ਼ਨ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਰਾਹੀਂ ਫ਼ਲਸਫ਼ੇ ਦੀ ਡੂੰਘੀ ਸਮਝ ਦੀ ਭਾਲ ਕਰਨ ਵਾਲਿਆਂ ਲਈ ਆੱਟਮ ਆਰਟ ਪਟਿਆਲਾ ਇੱਕ ਲਾਜ਼ਮੀ ਮੰਜ਼ਿਲ ਹੈ।

Posted in ਇਤਿਹਾਸ, ਯਾਤਰਾ, ਸਭਿਆਚਾਰ

ਵੈਨਕੂਵਰ ਦੀ ਖੋਜ ਦਾ ਇੱਕ ਹਫ਼ਤਾ

ਨਵੰਬਰ 2023 ਦੇ ਆਖਰੀ ਹਫ਼ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਅਤੇ ਖ਼ਾਸ ਤੌਰ ਤੇ ਇਸ ਦੇ ਸਰਪ੍ਰਸਤ ਸ: ਕੁਲਦੀਪ ਸਿੰਘ ਦੇ ਸੱਦੇ ਤੇ ਮੈਂ ਵੈਨਕੂਵਰ ਦੀ ਯਾਤਰਾ ਕੀਤੀ। ਇਸ ਸਮੁੱਚੀ ਯਾਤਰਾ ਦੌਰਾਨ ਸ: ਕੁਲਦੀਪ ਸਿੰਘ ਨਾਲ ਹੀ ਮੈਂ ਘੁੰਮਦਾ ਫਿਰਦਾ ਰਿਹਾ ਤੇ ਮੈਂ ਉਨ੍ਹਾਂ ਕੋਲ ਹੀ ਰੁਕਿਆ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਬਾਕੀ ਸਾਰੇ ਸਰਪ੍ਰਸਤ ਮੈਂਬਰ ਸਾਹਿਬਾਨ ਨੂੰ ਮਿਲਣ ਅਤੇ ਉਨ੍ਹਾਂ ਨਾਲ ਕੁਝ ਸਾਂਝੇ ਪਲ ਬਿਤਾਉਣ ਦਾ ਮੌਕਾ ਵੀ ਲੱਗਾ।

ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਯਾਤਰਾ

ਮੇਰੀ ਵੈਨਕੂਵਰ ਦੀ ਯਾਤਰਾ ਦੀ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਇੱਕ ਸ਼ਾਨਦਾਰ ਫੇਰੀ ਨਾਲ ਹੋਈ, ਜਿੱਥੇ ਮੈਨੂੰ ਮਾਨਯੋਗ ਰਾਜ ਚੌਹਾਨ, ਸਪੀਕਰ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਯਾਤਰਾ ਆਪਣੇ ਆਪ ਵਿੱਚ ਇੱਕ ਸੁਹਜ ਅਨੰਦ ਸੀ, ਜੋ ਕਿ ਤਸ੍ਵਾਸਨ ਤੋਂ ਇੱਕ ਸਮੁੰਦਰੀ ਜਹਾਜ਼ ਦੀ ਸਵਾਰੀ ਨਾਲ ਸ਼ੁਰੂ ਹੁੰਦੀ ਹੈ ਸ੍ਵਾਰਟਜ਼ ਬੇਅ ਤੇ ਮੁੱਕਦੀ ਹੈ। ਇਹ ਯਾਤਰਾ ਸਾਹਲੀ ਕੰਢੇ ਦੇ ਸ਼ਾਨਦਾਰ ਨਜ਼ਾਰੇ ਪੇਸ਼ ਕਰਦੀ ਹੈ।

ਉੱਥੇ ਪਹੁੰਚਣ ‘ਤੇ, ਮਾਨਯੋਗ ਰਾਜ ਚੌਹਾਨ ਨਾਲ ਸਾਡੀ ਗੱਲਬਾਤ ਹੋਈ ਅਤੇ ਉਨ੍ਹਾਂ ਨਾਲ ਚਾਹ ਪੀਤੀ। ਰਾਜ ਚੌਹਾਨ ਹੋਰਾਂ ਨੇ 1970 ਦੇ ਦਹਾਕੇ ਵਿੱਚ ਪੰਜਾਬੀ ਪਰਵਾਸ ਦੀ ਲਹਿਰ ਬਾਰੇ ਖਾਸ ਤੌਰ ‘ਤੇ ਚਰਚਾ ਕੀਤੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਖੇਤ ਮਜ਼ਦੂਰਾਂ ਦੀ ਜਥੇਬੰਦੀ ਕਿਵੇਂ ਖੜ੍ਹੀ ਕੀਤੀ। ਫਸਟ ਨੇਸ਼ਨਜ਼ ਬਾਰੇ ਉਨ੍ਹਾਂ ਦੀਆਂ ਹਾਲੀਆ ਪਹਿਲਕਦਮੀਆਂ ਬਾਰੇ ਦੱਸਿਆ ਜਿਸ ਤੋਂ ਪਤਾ ਲੱਗਦਾ ਸੀ ਕਿ ਇਸ ਵਿਸ਼ੇ ਬਾਰੇ ਉਨ੍ਹਾਂ ਦੀ ਸੂਝ ਬਹੁਤ ਪ੍ਰਭਾਵਸ਼ਾਲੀ ਸੀ, ਜੋ ਕਨੇਡੀਅਨ ਸਮਾਜ ਦੀ ਸਭਿਆਚਾਰਕ ਅਮੀਰੀ ‘ਤੇ ਰੌਸ਼ਨੀ ਪਾਉਂਦੀ ਸੀ।

ਸਾਂਝਾ ਟੀਵੀ ਨਾਲ ਮੁਲਾਕਾਤ

ਮੇਰੀ ਫੇਰੀ ਦੌਰਾਨ ਸਾਂਝਾ ਟੀਵੀ ਤੇ ਸ: ਕੁਲਦੀਪ ਸਿੰਘ ਨਾਲ ਵਿਚਾਰ ਚਰਚਾ ਹੋਈ। ਚਰਚਾ ਪੰਜਾਬੀ ਭਾਸ਼ਾ ਦੇ ਮੌਜੂਦਾ ਵਿਕਾਸ ਦੇ ਪਹਿਲੂਆਂ ਦੇ ਦੁਆਲੇ ਕੇਂਦਰਿਤ ਸੀ। ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਬਾਰੇ ਚੱਲ ਰਹੇ ਸੰਵਾਦ ਵਿੱਚ ਯੋਗਦਾਨ ਪਾਉਣ ਅਤੇ ਮੇਰੇ ਵਿਚਾਰ ਸਾਂਝੇ ਕਰਨ ਦਾ ਇਹ ਇੱਕ ਉਸਾਰੂ ਕਦਮ ਸੀ, ਜੋ ਕਿ ਦਰਸ਼ਕਾਂ ਤੱਕ ਵੱਡੀ ਗਿਣਤੀ ਵਿੱਚ ਪਹੁੰਚਦਾ ਹੈ।

ਇਤਿਹਾਸ ‘ਤੇ ਝਾਤ: ਕਾਮਾਗਾਟਾ ਮਾਰੂ ਮੈਮੋਰੀਅਲ ਅਤੇ ਖਾਲਸਾ ਦੀਵਾਨ ਸੁਸਾਇਟੀ

ਵੈਨਕੂਵਰ ਬੰਦਰਗਾਹ ‘ਤੇ ਕਾਮਾਗਾਟਾਮਾਰੂ ਯਾਦਗਾਰ ਦਾ ਦੌਰਾ ਮੇਰੀ ਯਾਤਰਾ ਦਾ ਇੱਕ ਦਿਲਚਸਪ ਹਿੱਸਾ ਸੀ। ਇਹ ਮੁਢਲੇ ਪੰਜਾਬੀ ਪਰਵਾਸੀਆਂ ਦੀ ਜੱਦੋ-ਜਹਿਦ ਅਤੇ ਸ਼ਹੀਦੀਆਂ ਦੀ ਯਾਦ ਦਿਵਾਉਂਦਾ ਹੈ। ਇਸ ਇਤਿਹਾਸਕ ਸਫ਼ਰ ਨੂੰ ਹੋਰ ਬਾਰੀਕੀ ਨਾਲ ਸਮਝਣ ਲਈ, ਮੈਂ ਖ਼ਾਲਸਾ ਦੀਵਾਨ ਸੁਸਾਇਟੀ ਦੇ ਅਜਾਇਬ ਘਰ ਦਾ ਦੌਰਾ ਕੀਤਾ, ਜਿੱਥੇ ਤਸਵੀਰਾਂ ਉੱਤੇ ਆਧਾਰਤ ਝਾਕੀਆਂ ਰਾਹੀਂ ਕਾਮਾਗਾਟਾ ਮਾਰੂ ਦੇ ਇਤਿਹਾਸ ਨੂੰ ਸਪਸ਼ਟ ਰੂਪ ਵਿੱਚ ਬਿਆਨ ਕੀਤਾ ਗਿਆ ਹੈ।

ਇੱਥੇ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਮੈਨੂੰ ਵੈਨਕੂਵਰ ਦੇ ਪਤਵੰਤੇ ਸੱਜਣਾਂ ਨੂੰ ਮਿਲਣ ਦਾ ਅਤੇ ਦੀਵਾਨ ਵਿੱਚ ਬੋਲਣ ਦਾ ਮੌਕਾ ਵੀ ਮਿਲਿਆ।

ਕੁਦਰਤੀ ਅਜੂਬੇ: ਆਇਓਨਾ ਜੇਟੀ, ਡੀਪ ਕੋਵ, ਅਤੇ ਕੈਪੀਲਾਨੋ ਰਿਵਰ ਰੀਜਨਲ ਪਾਰਕ

ਵੈਨਕੂਵਰ ਦੀ ਕੋਈ ਵੀ ਫੇਰੀ ਇਸਦੀ ਕੁਦਰਤੀ ਸੁੰਦਰਤਾ ਵਿੱਚ ਚੁੱਭੀ ਮਾਰੇ ਬਿਨਾਂ ਪੂਰੀ ਨਹੀਂ ਹੁੰਦੀ। ਆਇਓਨਾ ਜੇਟੀ ਨੇ ਸਮੁੰਦਰ ਦੇ ਆਪਣੇ ਅਲੌਕਿਕ ਨਜ਼ਾਰੇ ਦੀ ਪੇਸ਼ਕਸ਼ ਕੀਤੀ। ਡੀਪ ਕੋਵ ਇੱਕ ਸੁੰਦਰ ਅਜੂਬਾ ਸੀ, ਇਸਦੇ ਸ਼ਾਂਤ ਪਾਣੀ ਅਤੇ ਹਰੇ ਭਰੇ ਮਾਹੌਲ ਨਾਲ ਅੱਖਾਂ ਲਬਰੇਜ਼ ਹੋ ਗਈਆਂ।

ਯਾਤਰਾ ਕੈਪੀਲਾਨੋ ਰਿਵਰ ਰੀਜਨਲ ਪਾਰਕ ਵਿੱਚ ਜਾਰੀ ਰਹੀ, ਜਿੱਥੇ ਕਲੀਵਲੈਂਡ ਡੈਮ ਦੀ ਉਸਾਰੀ ਨੇ ਮੈਨੂੰ ਹੈਰਾਨ ਕਰ ਦਿੱਤਾ। ਕੈਪੀਲਾਨੋ ਪੈਸੀਫਿਕ ਟ੍ਰੇਲ ਦੀ ਸੈਰ ਕਰਨਾ ਇੱਕ ਉਤਸ਼ਾਹਜਨਕ ਤਜਰਬਾ ਸੀ, ਜਿਸ ਨਾਲ ਮੈਂ ਖੇਤਰ ਦੀ ਕੁਦਰਤੀ ਸੁੰਦਰਤਾ ਦਾ ਅਹਿਸਾਸ ਮੈਂ ਬਹੁਤ ਨੇੜਿਓਂ ਹੋ ਕੇ ਕੀਤਾ।

ਇਸ ਯਾਤਰਾ ਦੌਰਾਨ ਮੈਂ ਆਪਣੇ ਯੂਨੀਵਰਸਿਟੀ ਦੇ ਦਿਨਾਂ ਦੇ ਦੋਸਤ ਜਸਦੀਪ ਵਾਹਲਾ ਅਤੇ ਉਸ ਤੇ ਭਾਣਜੇ ਰੌਬਿਨ ਰੰਧਾਵਾ ਨੂੰ ਵੀ ਮਿਲਿਆ ਅਤੇ ਉਨ੍ਹਾਂ ਦੇ ਨਾਲ ਉੱਤਰੀ ਵੈਨਕੂਵਰ ਦੇ ਸਭਿਆਚਾਰਕ ਇਲਾਕਿਆਂ ਨੂੰ ਬੜਾ ਲਾਗੇ ਹੋ ਕੇ ਤੱਕਿਆ। 

ਮੁੱਕਦੀ ਗੱਲ

ਇਹ ਯਾਤਰਾ ਮਹਿਜ਼ ਇੱਕ ਫੇਰੀ ਤੋਂ ਵੱਧ ਸੀ; ਇਹ ਇਤਿਹਾਸ, ਸਭਿਆਚਾਰ ਅਤੇ ਕੁਦਰਤ ਦੀ ਯਾਤਰਾ ਸੀ। ਇਸ ਨੇ ਮੈਨੂੰ ਸ੍ਵੈ-ਪੜਚੋਲ ਅਤੇ ਖੋਜ ਦੇ ਸੁਮੇਲ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਮੈਨੂੰ ਵੈਨਕੂਵਰ ਦੀ ਵੰਨ-ਸੁਵੰਨਤਾ ਅਤੇ ਖ਼ੂਬਸੂਰਤ ਕੁਦਰਤੀ ਨਜ਼ਾਰੇ ਵੇਖਣ ਦਾ ਮੌਕਾ ਲੱਗਾ। ਜਿਵੇਂ ਕਿ ਮੈਂ ਇਨ੍ਹਾਂ ਤਜਰਬਿਆਂ ‘ਤੇ ਵਿਚਾਰ ਕਰਦਾ ਹਾਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਇੱਥੇ ਬਿਤਾਏ ਹਰ ਪਲ ਨੇ ਸੰਸਾਰ ਅਤੇ ਇਸ ਦੇ ਅੰਦਰ ਮੇਰੀ ਹੋਂਦ ਬਾਰੇ ਮੇਰੀ ਸਮਝ ਨੂੰ ਵਧਾਇਆ ਹੈ।

ਇਸ ਯਾਤਰਾ ਦੀਆਂ ਕੁਝ ਤਸਵੀਰਾਂ

Posted in ਚਰਚਾ, ਵਿਚਾਰ

ਵੇਲ਼ੇ ਵੇਲ਼ੇ ਦੀ ਗੱਲ

ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਬੰਗਾਲੀ ਸਾਹਿਤ ਦੀ ਕਹਾਣੀ ਬਾਰੇ ਦੱਸਿਆ।

ਇਸ ਕਹਾਣੀ ਵਿੱਚ ਇੱਕ ਮੁਸਾਫ਼ਰ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਪੜ੍ਹਨ ਲਈ ਨਾਵਲ ਕਿਰਾਏ ਤੇ ਲੈਂਦਾ ਹੈ ਜੋ ਕਿ ਉਸਨੇ ਉਸੇ ਸਟੇਸ਼ਨ ਤੇ ਵਾਪਸ ਕਰਨਾ ਸੀ। ਆਪਣੇ ਸਫਰ ਦੇ ਦੌਰਾਨ ਉਹ ਆਦਮੀ ਨਾਵਲ ਪੜ੍ਹਦਾ ਹੈ ਤੇ ਅਖੀਰ ਦੇ ਉੱਤੇ ਜਦੋਂ ਦਿਲਚਸਪ ਮੋੜ ਤੇ ਗੱਲ ਪਹੁੰਚਦੀ ਹੈ ਤਾਂ ਉਹ ਕੀ ਵੇਖਦਾ ਹੈ ਕਿ ਨਾਵਲ ਦਾ ਅਖੀਰਲਾ ਸਫ਼ਾ ਪਾੜਿਆ ਹੋਇਆ ਹੈ।

ਉਸ ਮੁਸਾਫ਼ਰ ਨੂੰ ਡਾਢਾ ਦੁੱਖ ਹੁੰਦਾ ਹੈ ਤੇ ਉਸੇ ਤਰ੍ਹਾਂ ਨਾਵਲ ਬੁੱਕ ਸਟਾਲ ਵਾਲੇ ਨੂੰ ਦੇ ਦਿੰਦਾ ਹੈ। ਪਰ ਉਸ ਦੀ ਜਿਗਿਆਸਾ ਮਰਦੀ ਨਹੀਂ। ਉਹ ਕਿਸੇ ਕਿਤਾਬਾਂ ਵਾਲੀ ਦੁਕਾਨ ਤੇ ਜਾ ਕੇ ਉਹੀ ਨਾਵਲ ਖਰੀਦ ਲੈਂਦਾ ਹੈ ਅਤੇ ਦਿਲਚਸਪੀ ਕਾਇਮ ਰੱਖਣ ਲਈ ਉਹ ਸਾਰਾ ਨਾਵਲ ਦੁਬਾਰਾ ਪੜ੍ਹਦਾ ਹੈ। ਜਦ ਉਹ ਨਾਵਲ ਮੁਕਾ ਲੈਂਦਾ ਹੈ ਤਾਂ ਉਹ ਹੋਰ ਵੀ ਮਾਯੂਸ ਹੋ ਜਾਂਦਾ ਹੈ ਕਿ ਕਿਵੇਂ ਲੇਖਕ ਨੇ ਦਿਲਚਸਪ ਮੋੜ ਤੇ ਲਿਆ ਕੇ ਗੱਲ ਗਵਾ ਦਿੱਤੀ। ਉਸ ਨੂੰ ਲੱਗਿਆ ਕਿ ਜਿਸ ਨੇ ਉਸ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਨਾਵਲ ਲੈ ਕੇ ਪੜ੍ਹਨ ਤੋਂ ਬਾਅਦ ਉਸ ਦਾ ਆਖਰੀ ਸਫ਼ਾ ਪਾੜ ਦਿੱਤਾ ਹੋਣਾ ਹੈ ਉਸ ਨੇ ਠੀਕ ਹੀ ਕੀਤਾ। 

ਇਸੇ ਸਿਲਸਿਲੇ ਦੇ ਵਿੱਚ ਮੈਂ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹਵਾਂਗਾ। 23 ਕੁ ਸਾਲ ਪਹਿਲਾਂ ਜਦੋਂ ਮੈਂ ਨਿਊਜ਼ੀਲੈਂਡ ਦਾ ਵਸਨੀਕ ਬਣਿਆ ਤਾਂ ਉਦੋਂ ਮੈਂ ਆਪਣਾ ਕਾਰ ਦਾ ਵਾਹਨ ਲਸੰਸ ਤਾਂ ਪਲਟਾ ਲਿਆ ਪਰ ਮੋਟਰ ਸਾਈਕਲ ਦਾ ਇਹ ਸੋਚ ਕੇ ਨਹੀਂ ਪਲਟਵਾਇਆ ਕਿ ਚਲੋ ਇਥੇ ਕਿਹੜਾ ਕਦੀ ਮੋਟਰ ਸਾਈਕਲ ਚਲਾਉਣਾ ਹੈ।

Photo by Giorgio de Angelis on Pexels.com

ਪਰ ਬੀਤੇ ਸਾਲ ਦਿਲ ਦੇ ਵਿੱਚ ਚਾਅ ਜਿਹਾ ਉਠਿਆ ਕਿ ਕਿਉਂ ਨਾ ਮੋਟਰ ਸਾਈਕਲ ਲੈ ਕੇ ਤੇ ਉਹਦਾ ਲਸੰਸ ਵੀ ਬਣਵਾਇਆ ਜਾਵੇ। ਪਿਛਲਾ ਪੂਰਾ ਸਾਲ ਇਥੋਂ ਦੀ ਪ੍ਰਣਾਲੀ ਮੁਤਾਬਕ ਨਵੇਂ ਸਿਰਿਓਂ ਲਸੰਸ ਦੀ ਕਾਰਵਾਈ ਪੂਰੀ ਕੀਤੀ। ਪਹਿਲਾਂ ਸਿਖਾਂਦਰੂ ਫਿਰ ਸੀਮਤ ਤੇ ਫਿਰ ਪੱਕਾ ਲਸੰਸ। ਪਰ ਇਹ ਸਭ ਕੁਝ ਹਾਸਲ ਕਰਕੇ ਹੁਣ ਇਹ ਮਹਿਸੂਸ ਕਰ ਰਿਹਾ ਹਾਂ ਕਿ ਆਪਣੇ ਕਾਲਜ-ਯੂਨੀਵਰਸਿਟੀ ਦੇ ਦਿਨਾਂ ਵਾਂਙ ਖੁੱਲੀਆਂ ਹਵਾਵਾਂ ਮਾਣਦੇ ਹੋਏ ਜਿਸ ਤਰ੍ਹਾਂ ਮੋਟਰ ਸਾਈਕਲ ਦੀ ਸਵਾਰੀ ਦੇ ਮਜ਼ੇ ਲਏ ਸੀ ਕੀ ਉਹ ਮਜ਼ੇ ਅੱਜ ਵੀ ਉਸੇ ਤਰ੍ਹਾਂ ਆਉਂਦੇ ਹਨ? ਖ਼ਾਸ ਕਰਕੇ ਜਦ ਇਥੋਂ ਦੇ ਮੋਟਰ ਸਾਈਕਲ ਵਾਲੇ ਕਪੜੇ ਪਾਉਣ-ਲਾਹੁਣ ਲਈ ਅੱਧਾ ਘੰਟਾ ਲੱਗਦਾ ਹੈ ਤੇ ਰਸਤੇ ਵਿੱਚ ਜਦ ਕਿਤੇ ਪਿਸ਼ਾਬ ਕਰਨਾ ਪਵੇ ਤਾਂ ਖੱਜਲ-ਖੁਆਰੀ ਵੱਖਰੀ। 

ਤੁਹਾਡਾ ਕੀ ਵਿਚਾਰ ਹੈ?